ਸੂਹੀ ਮਹਲਾ ੫ ॥
ਕੀਤਾ ਲੋੜਹਿ ਸੋ ਪ੍ਰਭ ਹੋਇ ॥
ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ । (ਜਗਤ ਵਿਚ) ਉਹੀ ਕੁਝ ਹੁੰਦਾ ਹੈ,
ਤੁਝ ਬਿਨੁ ਦੂਜਾ ਨਾਹੀ ਕੋਇ ॥
ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ ।
ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥
ਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ।
ਦਾਸ ਅਪੁਨੇ ਕੀ ਰਾਖਹੁ ਲਾਜ ॥੧॥
ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ ।੧।
ਤੇਰੀ ਸਰਣਿ ਪੂਰਨ ਦਇਆਲਾ ॥
ਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ।
ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥
ਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ।੧।ਰਹਾਉ।
ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥
ਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ ।
ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥
ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ ।
ਲੋਕ ਪਤੀਆਰੈ ਕਛੂ ਨ ਪਾਈਐ ॥
ਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤਿ ਦਾ) ਕੁਝ ਭੀ ਨਹੀਂ ਮਿਲਦਾ ।
ਸਾਚਿ ਲਗੈ ਤਾ ਹਉਮੈ ਜਾਈਐ ॥੨॥
ਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ ।੨।
ਜਿਸ ਨੋ ਲਾਇ ਲਏ ਸੋ ਲਾਗੈ ॥
ਹੇ ਭਾਈ! ਉਹੀ ਮਨੁੱਖ ਪ੍ਰਭੂ (ਦੇ ਚਰਨਾਂ) ਵਿਚ ਲੀਨ ਹੁੰਦਾ ਹੈ, ਜਿਸ ਨੂੰ ਪ੍ਰਭੂ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ ।
ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥
ਉਸ ਮਨੁੱਖ ਦੇ ਅੰਦਰ ਰਤਨ (ਵਰਗੀ ਕੀਮਤੀ) ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ ।
ਦੁਰਮਤਿ ਜਾਇ ਪਰਮ ਪਦੁ ਪਾਏ ॥
ਖੋਟੀ ਮਤਿ ਦੂਰ ਹੋ ਜਾਂਦੀ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ।
ਗੁਰ ਪਰਸਾਦੀ ਨਾਮੁ ਧਿਆਏ ॥੩॥
ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ।੩।
ਦੁਇ ਕਰ ਜੋੜਿ ਕਰਉ ਅਰਦਾਸਿ ॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ ।
ਤੁਧੁ ਭਾਵੈ ਤਾ ਆਣਹਿ ਰਾਸਿ ॥
ਜਦੋਂ ਤੈਨੂੰ ਚੰਗਾ ਲੱਗੇ (ਤੇਰੀ ਰਜ਼ਾ ਹੋਵੇ) ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈਂ ।
ਕਰਿ ਕਿਰਪਾ ਅਪਨੀ ਭਗਤੀ ਲਾਇ ॥
ਹੇ ਭਾਈ! ਕਿਰਪਾ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਭਗਤੀ ਵਿਚ ਜੋੜਦਾ ਹੈ,
ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥
ਹੇ ਦਾਸ ਨਾਨਕ! ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ ।੪।੨।
Guru Arjan Dev Ji in Raag Soohee - 736
11 окт 2024